
|
ਮਾਨ ਦਲ ਦੀ ਅੰਮ੍ਰਿਤਸਰ ਐਲਾਨਨਾਮੇ ਬਾਰੇ ਕਾਨਫਰੰਸ
ਨੂੰ ਭਰਵਾਂ ਹੁੰਗਾਰਾ ਫਰੀਮਾਂਟ: ਸਿੱਖ ਯੂਥ ਆਫ ਅਮਰੀਕਾ ਦੇ ਸੀਨੀਅਰ ਮੈਂਬਰ ਭਾਈ ਰੇਸ਼ਮ ਸਿੰਘ ਨੇ ਆਖਿਆ ਹੈ ਕਿ ਸੰਨ 1992 ਦੀਆਂ ਚੋਣਾਂ ਦਾ ਬਾਈਕਾਟ ਕਰਨ ਬਜ਼ਰ ਗਲਤੀ ਸੀ, ਪਰ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਅੱਜ ਵੀ ਆਪਣੀਆਂ ਗਲਤੀਆਂ ਮੰਨਣ ਲਈ ਤਿਆਰ ਨਹੀਂ। ਇਥੇ ਸ੍ਰ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਬੇਅ ਏਰੀਏ ਦੀ ਸ਼ਾਖਾ ਵਲੋਂ ਕਰਵਾਈ ਗਈ ਇਕ ਪੰਥਕ ਕਾਨਫਰੰਸ ਵਿਚ ਬੋਲਦਿਆਂ ਭਾਈ ਰੇਸ਼ਮ ਸਿੰਘ ਨੇ ਬੜੇ ਚੋਣਵੇਂ ਸ਼ਬਦਾਂ ਵਿਚ ਸਿੱਖ ਸੰਘਰਸ਼ ਦੀਆਂ ਤ੍ਰਾਸਦੀਆਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਅਸੀਂ ਏਕਤਾ ਵਿਚ ਅਮਲੀ ਯਕੀਨ ਕਿਉਂ ਨਹੀਂ ਰੱਖਦੇ। read more..... ਸ੍ਰ. ਮਾਨ ਅਤੇ ਭਾਈ ਬਿੱਟੂ ਵਿਚਕਾਰ ਏਕਤਾ ਅਤੇ ਫਿਰ ਅਨੇਕਤਾ ਬਾਰੇ ਬੋਲਦਿਆਂ ਭਾਈ ਰੇਸ਼ਮ ਸਿੰਘ ਨੇ ਕਿਹਾ ਕਿ ਇਸ ਏਕਤਾ ਦਾ ਮਨੋਰਥ ਏਕਤਾ ਨਹੀਂ ਸੀ ਜਿਸ ਦਾ ਕਿ ਉਨਾਂ ਨੂੰ ਦੁੱਖ ਹੈ। ਉਨ੍ਹਾਂ ਬਿੱਟੂ ਅਤੇ ਉਸਦੇ ਅਮਰੀਕਾ ਵਿਚ ਬੈਠੇ ਸਾਥੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਪੰਥਕ ਏਕਤਾ ਦੇ ਨਾਮ ਤੇ ਅਜਿਹਾ ਕਰਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ 24 ਸਾਲ ਤੋਂ ਕੌਮ ਦੀ ਸੇਵਾ ਵਿਚ ਰੁੱਝੀ ਸੰਸਥਾ “ਸਿੱਖ ਯੂਥ ਆਫ ਅਮਰੀਕਾ” ਬਾਰੇ ਇਨ੍ਹਾਂ ਆਗੂਆਂ ਨੇ ਅਜਿਹੀਆਂ ਗੋਂਦਾਂ ਗੁੰਦੀਆਂ ਕਿ ਇਹ ਸੰਸਥਾ ਹੁਣ ਆਖਰੀ ਸਾਹਾਂ ‘ਤੇ ਹੈ। ਸ੍ਰ. ਰੇਸ਼ਮ ਸਿੰਘ ਨੇ ਕਿਹਾ ਕਿ ਪੰਥ ਸੇਵਾ ਵਿਚ ਸ੍ਰ. ਸਿਮਰਨਜੀਤ ਸਿੰਘ ਮਾਨ ਵਰਗੇ ਆਗੂ ਦੀ ਲੋੜ ਹੈ ਜਿਨ੍ਹਾਂ ਦੀ ਦ੍ਰਿੜਤਾ, ਸੂਝਬੂਝ ਅਤੇ ਕੰਮ ਕਰਨ ਦਾ ਤਰੀਕਾ ਨਿਵੇਕਲ੍ਹਾ ਅਤੇ ਪੰਥਕ ਹੈ। ਇਸ ਮੌਕੇ ਬੋਲਦਿਆਂ ਡਾ. ਪਰਮਜੀਤ ਸਿੰਘ ਅਜ਼ਰਾਵਤ ਨੇ ਏਕਤਾ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਕਿਸੇ ਦੂੁਸਰੇ ਸਿੱਖ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ। ਉਨ੍ਹਾਂ ਓਪਨ ਸੀਕਰਿੱਟ ਕਿਤਾਬ ਦਾ ਹਵਾਲਾ ਦਿੰਦਿਆਂ ਕਿਹਾ ਕਿ ਬ੍ਰਾਹਮਣ ਨੇ ਸਾਡੇ ਵਿਚ ਘੁਸਪੈਠ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰਦੁਆਰਿਆਂ ਵਿਚ ਸਰਕਾਰੀ ਘੁਸਪੈਠ ਹੋ ਚੁੱਕੀ ਹੈ। ਜਿਸ ਬਾਰੇ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀਆਂ ਦੇ ਵਿਰੋਧ ਦੇ ਬਾਵਜੂਦ ਅਮਰੀਕਾ ਵਿਚ ਖਾਲਸਾ ਪ੍ਰੇਡ ਵਾਲੇ ਦਿਨ ਖਾਲਿਸਤਾਨ ਦਾ ਝੰਡਾ ਲਹਿਰਾਇਆ ਹੈ। ਡਾ. ਗੁਰਮੀਤ ਸਿੰਘ ਔਲਖ ਨੇ ਖਲਿਸਤਾਨ ਦੀ ਪ੍ਰੋੜਤਾ ਕਰਦਿਆਂ ਕਿਹਾ ਅਸੀਂ ਸਿੱਖਾਂ ਦੇ ਹੱਕਾਂ ਵਿਚ ਲੰਮੇ ਸਮੇਂ ਤੋਂ ਸਰਗਰਮ ਹਾਂ। ਉਨ੍ਹਾਂ ਕਿਹਾ ਕਿ ਵਾਸਿ਼ੰਗਟਨ ਵਿਚ ਕੌਮੀ ਸੇਵਾਵਾਂ ਦੇ ਰਿਹਾ ਤੁਹਾਡਾ ਦਫਤਰ ਅਫਸੋਸ ਨਾਲ ਪੈਸੇ ਪੱਖੋਂ ਬੰਦ ਕਰਨਾ ਪਿਆ ਸੀ, ਪਰ ਅਸੀਂ ਆਪਣੇ ਅਪਾਰਟਮੈਂਟ ਵਿਚ ਅਜੇ ਵੀ ਸੇਵਾਵਾਂ ਮੁਹਈਆ ਕਰ ਰਹੇ ਹਾਂ ਅਤੇ ਆਖਰੀ ਦਮ ਤੱਕ ਇਹ ਸੇਵਾਵਾਂ ਕਰਦੇ ਰਹਾਂਗੇ। ਡਾ. ਰਣਬੀਰ ਸਿੰਘ ਸੰਧੂ ਨੇ ਦੱਸਿਆ ਕਿ ਭਾਰਤ ਦੀ ਬਹੁਮਤ ਸ਼੍ਰੇਣੀ ਸਿੱਖਾਂ ਨੂੰ ਨਫਰਤ ਨਹੀਂ ਕਰ ਰਹੀ ਸਗੋਂ ਇਹ ਸਿੱਖੀ ਨੂੰ ਨਫਤਰ ਕਰ ਰਹੀ ਹੈ। ਉਨਾਂ ਕਿਹਾ ਕਿ ਅਗਰ ਤੁਸੀਂ ਹਿੰਦੂ ਬਣ ਕੇ ਭਾਰਤ ਵਿਚ ਰਹਿਣਾ ਹੈ ਤਾਂ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਵੇਗੀ। ਸ. ਸੰਧੂ ਨੇ ਕਈ ਤੱਥ ਸਾਂਝੇ ਕਰਦਿਆਂ ਆਪਣੀ ਗੱਲ ਨੂੰ ਵਜ਼ਨਦਾਰ ਬਣਾਇਆ ਕਿ ਭਾਰਤ ਅੰਦਰ ਸਿੱਖਾਂ ਨਾਲ ਬੜਾ ਘਟੀਆ ਵਰਤਾਓ ਕੀਤਾ ਜਾ ਰਿਹਾ ਹੈ। ਨਾਵਲਕਾਰ ਅਤੇ “ਦੀਵਾ ਜਗਦਾ ਰਹੇਗਾ” ਵਰਗੇ ਪੰਥਕ ਨਾਵਲਾਂ ਦੇ ਲਿਖਾਰੀ ਭਾਈ ਅਮਰਦੀਪ ਸਿੰਘ ਅਮਰ ਨੇ ਇਸ ਮੌਕੇ ਇਤਿਹਾਸਿਕ ਤੱਥ ਨੂੰ ਛੂਹੰਦਿਆਂ ਦੱਸਿਆ ਕਿ ਹਿੰਦੋਸਤਾਨ ਦੀ ਮਹਾਸ਼ਾ ਪ੍ਰੈਸ ਸਿੱਖ ਸੰਘਰਸ਼ ਬਾਰੇ ਗਲਤ ਜਾਣਕਾਰੀ ਦੇ ਕੇ ਇਸ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸਿ਼ਸ਼ ਕੀਤੀ ਹੈ। ਊਨ੍ਹਾਂ ਕਿਹਾ ਕਿ ਸਿੱਖ ਵੱਖਵਾਦੀ ਨਹੀਂ ਹੈ ਸਗੋਂ ਸਿੱਖ ਤਾਂ ਆਪਣੇ ਖੁੱਸੇ ਰਾਜ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਹੈ। ਭਾਈ ਅਮਰ ਨੇ ਨੌਜੁਆਨ ਵਰਗ ਨੂੰ ਸੁਨੇਹਾ ਦਿੱਤਾ ਕਿ ਸਾਡੇ ਪੁਰਖਿਆਂ ਵਲੋਂ ਪਾਏ ਪੂਰਨਿਆਂ ਤੇ ਚੱਲਣ ਲਈ ਸਾਨੂੰ ਸਰਗਰਮ ਹੋਣਾ ਚਾਹੀਦਾ ਹੈ। ਸ੍ਰ. ਸੁਖਮਿੰਦਰ ਸਿੰਘ ਹੰਸਰਾ ਨੇ ਇਸ ਮੌਕੇ ਸਿੱਧ ਕੀਤਾ ਕਿ ਸਿੱਖਾਂ ਦੀ ਆਗੂ ਸ਼੍ਰੇਣੀ ਭਾਵੇਂ ਬਦਲਦੀ ਰਹੀ ਹੈ ਪਰ ਇਨ੍ਹਾਂ ਦੇ ਵੱਖ ਵੱਖ ਐਲਾਨਨਾਮਿਆਂ ਵਿਚ ਇੱਕੋ ਗੱਲ ਕਾਮਨ ਰਹੀ ਹੈ ਕਿ ਸਿੱਖ ਕੌਮ ਨੂੰ ਆਪਣੇ ਘਰ ਖਾਲਿਸਤਾਨ ਦੀ ਜਰੂਰਤ ਹੈ। ਅੰਮ੍ਰਿਤਸਰ ਐਲਾਨਨਾਮੇ ਦਾ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰ਼ੋਮਣੀ ਅਕਾਲੀ ਦਲ, ਜਮਹੂਰੀਅਤ ਦੇ ਦਾਇਰੇ ਵਿਚ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਤੇ ਆਧਾਰਤ, ਪੰਜਾਬੀ ਕੌਮੀ ਸਭਿਆਚਾਰ ਦੇ ਮੋਹਰੀ ਹੋਣ ਵਜੋਂ ਸਿੱਖ ਪੰਥ ਲਈ ਇੱਕ ਅਜਿਹੇ ਵੱਖਰੇ ਖਿੱਤੇ ਵਾਸਤੇ ਜੱਦੋ-ਜਹਿਦ ਕਰਨ ਦੇ ਆਪਣੇ ਵਚਨ ਨੂੰ ਦੁਹਰਾਉਂਦਾ ਹੈ, ਜਿਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ। ਇਹ ਸਤਰਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ 1 ਮਈ ਸੰਨ 1994 ਨੂੰ ਹੀ ਜਾਰੀ ਕੀਤੇ ਗਏ ਅੰਮ੍ਰਿਤਸਰ ਐਲਾਨਨਾਮੇ ਦੀਆਂ ਹਨ। ਅੱਜ ਦੇ ਸੁਭਾਗ ਦਿਹਾੜੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਰੀ ਦੁਨੀਆਂ ਅਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ/ਹਕੂਮਤਾਂ ਦੇ ਸਾਹਮਣੇ ਐਲਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਤੋਂ ਖਾਲਸਾ ਪੰਥ ਦਾ ਆਪਣਾ ਘਰ “ਖਾਲਿਸਤਾਨ” ਹੋਵੇਗਾ। ਇਹ ਸਤਰਾਂ 29 ਅਪਰੈਲ ਸੰਨ 1986 ਨੂੰ ਪੰਥਕ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਐਲਾਨਨਾਮੇ ‘ਚ ਦਰਜ ਹਨ। ਸ੍ਰ. ਹੰਸਰਾ ਨੇ ਦੱਸਿਆ ਕਿ ਇਹ ਤਿੰਨ ਇਤਿਹਾਸਕ ਫੈਸਲਿਆਂ, ਐਲਾਨਾਮਿਆਂ ਜਾਂ ਪੰਥਕ ਫੈਸਲਿਆਂ ਵਿਚ ਇੱਕ ਗੱਲ ਬੜੀ ਕਾਮਨ ਹੈ ਕਿ ਸਿੱਖ ਆਪਣੇ ਦੇਸ਼ਕਾਲ ਦੀ ਲੋੜ ਨੂੰ ਸੰਨ 1946 ਵਿਚ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਵੀ ਮਹਿਸੂਸ ਕਰਦੇ ਸਨ, ਉਸਤੋਂ ਬਾਅਦ ਵੀ ਸਿੱਖਾਂ ਨੇ ਅਜਿਹਾ ਹੀ ਮਹਿਸੂਸ ਕੀਤਾ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਿ ਗੋਬਿੰਦ ਸਾਹਿਬ ਵਲੋਂ ਸਥਾਪਤ ਕੀਤੇ ਗਏ ਸਰਵਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਰ ਐਲਾਨਨਾਮਾ ਕਰਕੇ ਇਸਦੀ ਅਹਿਮੀਅਤ ਨੂੰ ਵਜ਼ਨ ਦੇਣ ਦੀ ਕੋਸਿ਼ਸ਼ ਕੀਤੀ। ਅਫਸੋਸ ਹੈ ਕਿ ਇਹ ਸਭ ਕੁੱਝ ਹੋਣ ਦੇ ਬਾਵਜੂਦ ਅੱਜ ਵੀ ਸਿੱਖਾਂ ਵਿਚ ਇਹੀ ਡੀਬੇਟ ਚੱਲ ਰਹੀ ਹੈ ਕਿ ਕੀ ਸਿੱਖਾਂ ਨੂੰ ਖਾਲਿਸਤਾਨ ਦੀ ਲੋੜ ਹੈ ਜਾਂ ਸਿੱਖਾਂ ਨੂੰ ਵੱਖਰੇ ਘਰ ਖਾਲਿਸਤਾਨ ਦੀ ਕਿਉਂ ਲੋੜ ਹੈ। ਇਤਹਾਸ ਇਹ ਵੀ ਲਿਖੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਗਏ ਐਲਾਨਨਾਮੇ ਤੇ ਅਮਲ ਕਰਦਿਆਂ ਹਜ਼ਾਰਾਂ ਸਿੰਘ ਸਿੰਘਣੀਆਂ ਨੇ ਪੰਥ ਦੀ ਨਿਸ਼ਕਾਮ ਸੇਵਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਹੈ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ ਹਿੰਦੋਸਤਾਨ ਦੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਰਾਸ਼ਟਰਪਤੀ ਜੀ ਖਾਲਿਸਤਾਨ ਦਾ ਹਕੀਕਤ ਦਾ ਸੱਚ ਪ੍ਰਵਾਨ ਕਰੋ। ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਜ਼ਮੀਰ ਅਜੇ ਮਰੀ ਨਹੀਂ। ਇਤਿਹਾਸ ਇਹ ਵੀ ਲਿਖੇਗਾ ਕਿ ਸੰਨ 1994 ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਗਏ ਅੰਮ੍ਰਿਤਸਰ ਐਲਾਨਨਾਮੇ ਤੇ ਅਮਲ ਕਰਦਿਆਂ, ਭਾਵੇਂ ਬਹੁਤਾਤ ਵਿਚ ਲੀਡਰ ਭਗੌੜੇ ਹੋ ਗਏ ਹਨ ਪਰ ਸ੍ਰ. ਸਿਮਰਨਜੀਤ ਸਿੰਘ ਮਾਨ ਨੇ 13 ਅਪਰੈਲ ਸੰਨ 1999 ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਖਾਲਸਾ ਪੰਥ ਦੇ 300 ਸਾਲਾ ਸਮਾਗਮਾਂ ਤੇ ਖਾਲਿਸਤਾਨ ਦਾ ਨਾਹਰਾ ਬੁਲੰਦ ਕਰਕੇ ਇਸ ਸਿੱਧ ਕਰ ਦਿੱਤਾ ਕਿ ਜ਼ਮੀਰ ਅਜੇ ਮਰੀ ਨਹੀਂ। ਕਾਨਫਰੰਸ ਦੇ ਆਖਰੀ ਬੁਲਾਰੇ ਭਾਈ ਕੁਲਦੀਪ ਸਿੰਘ ਟੁਲੀਡੋ ਨੇ ਖਾਲਿਸਤਾਨ ਦੀ ਪ੍ਰੋੜਤਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲੀਡਰਸਿ਼ਪ ਨੂੰ ਅਪੀਲ ਕੀਤੀ ਕਿ ਉਹ ਦੇਸ਼ਾਂ ਵਿਦੇਸ਼ਾਂ ਵਿਚ ਇੱਕ ਅਡਵਾਈਜ਼ਰੀ ਕਮੇਟੀ ਕਾਇਮ ਕਰਨ, ਤਾਂ ਕਿ ਜੋ ਜੋ ਮੁਸ਼ਕਲਾਂ ਅਤੇ ਵਖਰੇਵੇਂ ਅਤੀਤ ਵਿਚ ਆਏ ਹਨ ਉਨ੍ਹਾਂ ਨੂੰ ਪਹਿਲਾਂ ਹੀ ਸੁਲਝਾ ਲਿਆ ਜਾਵੇ। ਅਮੈਰਿਕਨ ਗੁਰਦੁਆਰਾ ਕੌਂਸਲ ਦੇ ਪ੍ਰਧਾਨ ਅਤੇ ਫਰੀਮਾਂਟ ਗੁਰੂਘਰ ਦੀ ਸੁਪਰੀਮ ਕੌਂਸਲ ਦੇ ਮੈਂਬਰ ਭਾਈ ਰਾਮ ਸਿੰਘ ਨੇ ਆਪਣੀ ਭਾਵਪੂਰਤ ਤਕਰੀਰ ਵਿਚ ਮੌਜੂਦਾ ਪੰਥਕ ਹਾਲਾਤ ਉਤੇ ਚਾਨਣ ਪਾਇਆ। ਇਸ ਕਾਨਫਰੰਸ ਵਿਚ ਦਲ ਖਾਲਸਾ ਅਲਾਇੰਸ ਵਲੋਂ ਸ੍ਰ. ਸਿਮਰਨਜੀਤ ਸਿੰਘ ਮਾਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਵਾਰਡ ਅਤੇ ਸ੍ਰ. ਸੁਖਮਿੰਦਰ ਸਿੰਘ ਹੰਸਰਾ ਨੂੰ ਗਿਆਨੀ ਗੁਰਮੁਖ ਸਿੰਘ ਮੈਮੋਰੀਅਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਕਾਨਫਰੰਸ ਵਿਚ ਭਾਈ ਕਰਨੈਲ ਸਿੰਘ, ਕੁਲਜੀਤ ਸਿੰਘ ਨਿੱਝਰ, ਪਰਮਜੀਤ ਸਿੰਘ ਦਾਖਾ, ਭੁਪਿੰਦਰ ਸਿੰਘ ਚੀਮਾ, ਗੁਪਾਲ ਸਿੰਘ ਸ਼ਹੀਦ ਨੇ ਵੀ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਕਾਨਫਰੰਸ ਵਿਚ ਕੁੱਝ ਮਤੇ ਪਾਸ ਕੀਤੇ ਗਏ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ: 1. ਜਿਸ ਤਰਾਂ ਯੂ ਐਨ ਅਤੇ ਅਮਰੀਕਾ ਸਰਕਾਰ ਨੇ ਕੋਸੋਵੋ ਦੀ ਆਜ਼ਾਦੀ ਲਈ ਭੂਮਿਕਾ ਨਿਭਾਈ ਹੈ ਅਤੇ ਤਿੱਬਤੀਆਂ ਦੀ ਆਜ਼ਾਦੀ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ ਇਸੇ ਤਰ੍ਹਾਂ ਸਿੱਖ ਹੋਮ ਖਾਲਿਸਤਾਨ ਲਈ ਵੀ ਸਹਿਯੋਗ ਦਿਤਾ ਜਾਵੇ। 2. “ਅਮਰੀਕਾ” ਦੀ ਰਾਜਧਾਨੀ ਵਾਸਿ਼ੰਗਟਨ ਵਿਚ ਸਿੱਖਾਂ ਦੀਆਂ ਕੌਮੀ ਸੇਵਾਵਾਂ ਦੀ ਸਖਤ ਜਰੂਰਤ ਹੈ ਇਸ ਕਈ ਅਮਰੀਕੀ ਸਿੱਖ ਲੀਡਰਸਿ਼ਪ ਢੁਕਵੇਂ ਉਪਰਾਲੇ ਕਰੇ। 3. ਯੂ.ਐਨ. ਅਤੇ ਅਮਰੀਕਾ ਸਰਕਾਰ, ਮਨੁੱਖੀ ਅਧਿਕਾਰ ਸੰਗਠਨਾਂ ਦੇ ਸਹਿਯੋਗ ਨਾਲ ਸੰਸਾਰ ਭਰ ਅਤੇ ਖਾਸ ਕਰਕੇ ਭਾਰਤ ਚੋਂ ਮੌਤ ਦੀ ਸਜ਼ਾ ਖਤਮ ਕਰਨ ਲਈ ਉਪਰਾਲੇ ਕਰੇ। 4. ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕੇਸ ਦੀ ਜਾਂਚ ਰਿਪੋਰਟ ਨੂੰ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ। ਮੰਚ ਸੰਚਾਲਨ ਸ੍ਰ. ਪ੍ਰੀਤਮ ਸਿੰਘ ਜੋਗਾ ਨੰਗਲ ਨੇ ਬਾਖੂਬੀ ਕੀਤਾ। ਸ੍ਰ. ਜੋਗਾ ਨੰਗਲ ਨੇ ਕਿਹਾ ਕਿ ਸ੍ਰ. ਸਿਮਰਨਜੀਤ ਸਿੰਘ ਮਾਨ ਦੀ ਸ਼ਾਖ ਨੂੰ ਮਜ਼ਬੂਤ ਬਣਾਉਣ ਲਈ ਖਾਲਿਸਤਾਨ ਐਲਾਨਨਾਮੇ ਅਤੇ ਅੰਮ੍ਰਿਤਸਰ ਐਲਾਨਨਾਮੇ ਤੇ ਕਰਵਾਈ ਗਈ ਇਸ ਕਾਨਫਰੰਸ ਤੋਂ ਬਾਅਦ ਇਹ ਸਿੱਧ ਹੋ ਗਿਆ ਹੈ ਕਿ ਸ੍ਰ. ਮਾਨ ਹੀ ਉਹ ਵਾਹਦ ਆਗੂ ਹੈ ਜਿਸ ਦਾ ਸਹਿਯੋਗ ਦੇ ਕੇ ਕੌਮ, ਕੌਮੀ ਪ੍ਰਾਪਤੀ ਦੇ ਅਗਲੇ ਪੜਾਅ ਤੇ ਪੁੱਜ ਸਕਦੀ ਹੈ। ਸ਼ੁਰੂਆਤ ਵਿਚ ਸ੍ਰ. ਮਾਨ ਦੀਆਂ ਭਾਰਤ ਦੀ ਪਾਰਲੀਮੈਂਟ ਵਿਚ ਦਿੱਤੇ ਭਾਸ਼ਨਾਂ ਚੋਂ ਕੁਝ ਕੁ ਨੂੰ ਸਕਰੀਨ ਤੇ ਦਿਖਾਇਆ ਗਿਆ ਜਿਸ ਵਿਚ ਮਾਨ ਨੇ ਪਾਰਲੀਮੈਂਟ ਵਿਚ ਖੜ ਕੇ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਰਗਿਆਂ ਨੂੰ ਸਜਾਵਾਂ ਦੇਣ ਦੀ ਗੱਲ ਠੋਕ ਵਜਾ ਕੇ ਆਖੀ ਸੀ। ਇਸ ਪੰਥਕ ਕਾਨਫਰੰਸ ਨੂੰ ਸਫਲ ਬਣਾਉਣ ਵਿਚ ਬਲਜੀਤ ਸਿੰਘ, ਕਮਲਜੀਤ ਸਿੰਘ ਲੌਂਗੀਆ, ਰਵਿੰਦਰ ਸਿੰਘ ਧਾਲੀਵਾਲ, ਕਮਲਜੀਤ ਸਿੰਘ, ਗੁਰਦੀਪ ਸਿੰਘ, ਦੇਵਿੰਦਰ ਸਿੰਘ, ਕਰਨੈਲ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਗੋਗੀ, ਸੁਖਦੇਵ ਸਿੰਘ ਬੈਨੀਵਾਲ, ਕੁਲਜੀਤ ਸਿੰਘ ਨਿੱਝਰ, ਈਸ਼ਰ ਸਿੰਘ, ਦਲਜੀਤ ਸਿੰਘ, ਬਲਵਿੰਦਰ ਸਿੰਘ ਮਿੱਠੂ, ਕਰਨੈਲ ਸਿੰਘ, ਤਰਸੇਮ ਸਿੰਘ ਖਾਲਸਾ, ਹਰਮਿੰਦਰਪਾਲ ਸਿੰਘ, ਅਨੋਖ ਸਿੰਘ, ਗੁਰਸ਼ਰਨ ਸਿੰਘ ਮਾਨ, ਅਮਰਦੀਪ ਸਿੰਘ, ਹਰਜੋਤ ਸਿੰਘ, ਕੁਲਜੋਤ ਸਿੰਘ, ਅਵਤਾਰ ਸਿੰਘ, ਮਹਿੰਗਾ ਸਿੰਘ, ਭੁਪਿੰਦਰ ਸਿੰਘ ਚੀਮਾ, ਹਰਜੀਤ ਸਿੰਘ ਬੇਕਰਸਫੀਲਡ, ਬੇਅੰਤ ਸਿੰਘ, ਕੁਲਵਿੰਦਰ ਸਿੰਘ ਪੰਨੂ, ਹਰਪ੍ਰੀਤ ਸਿੰਘ ਢਿਲੋਂ, ਜਸਚਰਨ ਸਿੰਘ, ਡਾ. ਹਰਸ਼ਪਾਲ ਸਿੰਘ, ਤੇਜਵੀਰ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ, ਲਖਵੀਰ ਸਿੰਘ, ਕਰਮਜੀਤ ਸਿੰਘ ਸਾਹੀ, ਹਰਪ੍ਰੀਤ ਸਿੰਘ ਬੈਂਸ, ਤਾਰਾ ਸਿੰਘ, ਗੁਰਦੀਪ ਸਿੰਘ ਉਰਫ ਰਨਧੀਰ ਸਿੰਘ ਗਿੱਲ, ਮਨਜੀਤ ਸਿੰਘ, ਜੀਤ ਸਿੰਘ ਬੈਨੀਵਾਲ, ਰਾਜਿੰਦਰ ਸਿੰਘ, ਰਾਜਾ ਸਿੰਘ ਅਤੇ ਅਨੇਕਾਂ ਹੋਰ ਸਿੰਘਾਂ ਨੇ ਯੋਗਦਾਨ ਪਾਇਆ। |
|
|